ਸ੍ਰੀ ਮਾਨ ੧੦੮ ਮਹੰਤ ਬਲਵੰਤ ਸਿੰਘ ਜੀ ਸੈਕਟਰੀ ਪੰਚਾਇਤੀ ਅਖਾੜਾ ਨਿਰਮਲਾ ਕਨਖਲ (ਹਰਿਦਵਾਰ) ਵਾਲੇ ਵਿਦਵਾਨ, ਵਿਚਾਰਸ਼ੀਲ, ਦ੍ਰਿੜ੍ਹਤਾ ਵਾਲੇ, ਸਪੱਸ਼ਟਵਾਦੀ ਆਲਸ ਤੋਂ ਰਹਿਤ, ਉਤਸ਼ਾਹੀ, ਨੀਤੀ- ਨਿਪੁੰਣ, ਵਿਵਹਾਰ ਕੁਸ਼ਲ, ਮਹਾਂਪੁਰਖ ਹਨ। ਆਪ ਜੀ ਦੇ ਡੇਰੇ ਦੇ ਪੂਰਵ ਮਹਾਂਪੁਰਖਾਂ ਵਾਲੇ ਸਾਰੇ ਗੁਣ ਆਪ ਜੀ ਵਿਚ ਵਿਦਮਾਨ੍ਯ ਹਨ। ਨਾਲ ਹੀ ਪੂਰਵ ਮਹਾਂਪੁਰਖਾਂ ਦਾ ਸਿਮਰਨ, ਤਪ-ਤਿਆਗ ਆਪ ਜੀ ਦੇ ਕੰਮ ਆ ਰਿਹਾ ਹੈ। ਆਪ ਜੀ ਦੇ ਪੂਰਵ ਮਹਾਂਪੁਰਖਾਂ ਦਾ ਵੰਸ ਵਿਕਸ਼ ਇਸ ਤਰ੍ਹਾਂ ਹੈ:
ਸ੍ਰੀ ਗੁਰੂ ਗੋਬਿੰਦ ਸਿੰਘ ਜੀ
↓
ਭਾਈ ਧਰਮ ਸਿੰਘ ਜੀ (ਪਿਆਰੇ)
↓
ਭਾਈ ਫੇਰੂ ਸਿੰਘ ਜੀ
↓
ਭਾਈ ਪੰਜਾਬ ਸਿੰਘ ਜੀ
↓
ਠਾਕੁਰ (ਸੰਤ) ਰੋਚਾ ਸਿੰਘ ਜੀ
↓
ਠਾਕੁਰ ਬੱਲਾ ਸਿੰਘ ਜੀ
↓
ਸੰਤ ਰਾਮ ਸਿੰਘ ਜੀ ਪਿੰਡ ਚੀਮੇ
* ਸ੍ਰੀਮਾਨ ਸੰਤ ਰਾਮ ਸਿੰਘ ਜੀ ਦੇ ਕਈ ਸ਼ਿਸ਼ ਪ੍ਰਸ਼ਿਸ਼ ਬੜੇ ਪ੍ਰਭਾਵ ਵਾਲੇ ਹੋਏ ਹਨ। ਸੰਤ ਸ਼ਾਮ ਸਿੰਘ ਜੀ (ਨੰਗੇ), ਉੱਚ ਜੀਵਨ ਵਾਲੇ ਮਹਾਂ ਪੁਰਖ ਸਨ। ਨਿਰਮਲ ਵਿਰਕਤ ਕੁਟੀਆ ਕਨਖਲ ਵੀ ਆਪ ਜੀ ਦੀ ਪ੍ਰੇਰਨਾ ਨਾਲ ਹੋਂਦ ਵਿਚ ਆਈ ਹੈ।
ਸੰਤ ਮਹਾਂ ਸਿੰਘ ਜੀ ਨੇ ਆਪਣੇ ਜਨਮ ਨਗਰ ਪਿੰਡ ਬੱਸੀਆਂ ਜ਼ਿਲ੍ਹਾ ਲੁਧਿਆਣਾ ਵਿਚ ਡੇਰਾ ਕਾਇਮ ਕੀਤਾ।
ਸੰਤ ਬੂਟਾ ਸਿੰਘ ਸੰਤ ਰਾਮ ਸਿੰਘ ਜੀ ਦੇ ਪੋਤਰੇ ਚੇਲੇ ਸਨ, ਜਿਨ੍ਹਾਂ ਨੂੰ ਸੰਤ ਰਾਮ ਸਿੰਘ ਜੀ ਨੇ ਆਪਣਾ ਉਤਰਾਧਿਕਾਰੀ ਬਣਾਇਆ। ਸੰਤ ਬੂਟਾ ਸਿੰਘ ਜੀ ਸੰਤ ਮਹਾਂ ਸਿੰਘ ਜੀ ਦੇ ਸ਼ਿਸ਼ ਸਨ। ਵੀਸਵੀਂ ਸਦੀ ਦੇ ਅਵਤਾਰੀ ਸਤਿ ਪੁਰਖ ਸ੍ਰੀ ਮਾਨ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨੇ ਸੰਤ ਬੂਟਾ ਸਿੰਘ ਜੀ ਕੋਲੋਂ ਗੁਰਮੁਖੀ, ਗੁਰਬਾਣੀ ਦੀ ਵਿੱਦਿਆ ਪ੍ਰਾਪਤ ਕੀਤੀ ਸੀ। ਸ੍ਰੀ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਸੰਤ ਬੂਟਾ ਸਿੰਘ ਜੀ ਦੇ ਡੇਰੇ ਵਿੱਚ ਖੂਹੀ ਵੀ ਲਾਈ ਜੋ ਹੁਣ ਵੀ ਸੁਰਖ੍ਯਤ ਹੈ।
ਮਹੰਤ ਸੰਤ ਸਿੰਘ ਜੀ ਦੇ ਸ਼ਿਸ਼ ਸੰਤ ਸਾਧੂ ਸਿੰਘ ਜੀ ਨੇ ਦੇਸ ਸ੍ਵਤੰਤ੍ਰਤਾ ਵਿਚ ਯੋਗਦਾਨ ਪਾਇਆ ਅਤੇ ਨੌਂ ਮਹੀਨੇ ਦੀ ਜੇਲ੍ਹ ਯਾਤ੍ਰਾ ਕੀਤੀ।
↓
ਸ੍ਰੀਮਾਨ ੧੦੮ ਸੰਤ ਹਰਦਿੱਤ ਸਿੰਘ ਜੀ
(ਜਨਮ ਪਿੰਡ ਚੀਮਾ ਜ਼ਿਲ੍ਹਾ ਸੰਗਰੂਰ ਵਾਲੇ ਨਾਮ ਅਭਿਆਸੀ ਸਿਮਰਨ ਵਾਲੀ ਆਤਮਾ) ਸਨ। ਪੰਜ ਗ੍ਰੰਥੀ ਪੋਥੀ ਆਪ ਜੀ ਦੇ ਕੰਠਸਥ ਸੀ, ਜਿਸ ਦਾ ਰੋਜ਼ਾਨਾ ਪਾਠ ਕਰਦੇ ਸਨ। ਅਖਾੜੇ ਵਿਚ ਕੁਠਾਰੀ ਅਤੇ ਮੁਖੀਏ ਮਹੰਤ ਰਹੇ। ਪਿੰਡ ਢਿਪਾਲੀ ਜ਼ਿਲ੍ਹਾ ਬਠਿੰਡਾ ਵਿਚ ਡੇਰਾ ਕਾਇਮ ਕੀਤਾ । ਸੰਮਤ ੧੯੭੨ ਬਿ: ਵਿਚ ਕਨਖਲ ਵਿਖੇ ਕੁਟੀਆ ਬਣਾਈਆਂ। ਮਹੰਤ ਸੰਤ ਸਿੰਘ ਜੀ ਆਪ ਜੀ ਦੇ ਸ਼ਿਸ਼ ਸਨ।
↓
ਸ੍ਰੀਮਾਨ ਮਹੰਤ ਸੰਤ ਸਿੰਘ ਜੀ
ਸ੍ਰੀਮਾਨ ਮਹੰਤ ਸੰਤ ਸਿੰਘ ਜੀ ਦਾ ਜਨਮ ਪਿੰਡ ਚੀਮਾ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਸੰਤ ਹਰਦਿੱਤ ਸਿੰਘ ਜੀ ਦੇ ਸ਼ਿਸ਼ ਸਨ। ਆਪ ਜੀ ਨੇ ੩੦-੩੫ ਵਰਸ਼ ਰਮਤ ਫੇਰ ਕੇ ਸਾਰੇ ਦੇਸ਼ ਵਿਚ ਗੁਰਮਤਿ ਪ੍ਰਚਾਰ ਕੀਤਾ। ਆਪ ਜੀ ਬੜੇ ਤਪ-ਤੇਜ ਵਾਲੇ ਮਹਾਂਪੁਰਖ ਸਨ।
ਮਹੰਤ ਸੰਤ ਸਿੰਘ ਜੀ ਦੇ ਸ਼ਿਸ਼ ਪ੍ਰੋਫੈਸਰ ਸ਼ੇਰ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ,
↓
ਮਹੰਤ ਰਤਨ ਸਿੰਘ ਜੀ,
. ਸ੍ਰੀਮਾਨ ਮਹੰਤ ਰਤਨ ਸਿੰਘ ਜੀ ੧੯੫੦-੫੧ ਈ: ਵਿਚ ਪਿੰਡ ਢਪਾਲੀ ਜ਼ਿਲ੍ਹਾ ਬਠਿੰਡਾ ਦੇ ਵੀ ਮਹੰਤ ਨਿਯਤ ਹੋਏ। ਸੰਨ ੧੯੮੦ ਈ: ਵਿਚ ਡੇਰਾ ਬਸੀਆਂ ਜ਼ਿਲ੍ਹਾ ਲੁਧਿਆਣਾ ਦੇ ਮਹੰਤ ਬਣਾਏ ਗਏ। ਇਨ੍ਹਾਂ ਸਥਾਨਾਂ ਦੇ ਵਰਤਮਾਨ ਮਹੰਤ ਸ੍ਰੀਮਾਨ ਮਹੰਤ ਬਲਵੰਤ ਸਿੰਘ ਜੀ ਸੈਕਟਰੀ ਹਨ।
ਸੰਤ ਦਲੀਪ ਸਿੰਘ ਜੀ ਵਿਰਕਤ ਅਤੇ ਸੰਤ ਲਾਭ ਸਿੰਘ ਜੀ ਸਨ। ਮਹੰਤ ਲਾਭ ਸਿੰਘ ਜੀ ਡੇਰਾ ਪਿੰਡ ਬਸੀਆਂ, ਜ਼ਿਲ੍ਹਾ ਲੁਧਿਆਣਾ ਦੇ ਡੇਰੇ ਦੇ ਮਹੰਤ ਨਿਯਤ ਹੋਏ। ਸ੍ਰੀਮਾਨ ਮਹੰਤ ਸੰਤ ਸਿੰਘ ਜੀ ਨੇ ਸੰਤ ਰਤਨ ਸਿੰਘ ਜੀ ਨੂੰ ਸੰਨ ੧੯੫੦-੫੧ ਈ: ਵਿਚ ਆਪ ਕੁਟੀਆਂ ਦੇ ਮਹੰਤ ਨਿਯਤ ਕਰਕੇ ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ॥ (ਪੰਨਾ ੪੬੮) ਗੁਰਬਾਣੀ ਦੇ ਕਥਨ ਅਨੁਸਾਰ ਫੁਰਮਾਇਆ ਕਿ ‘ਕਨਖਲ’ ਵਾਲੀ ਕੁਟੀਆਂ ਦਾ ਸਾਧੂ ਮਰਯਾਦਾ ਅਨੁਸਾਰ ਹਰ ਪੱਖ ਤੋਂ ਵਿਕਾਸ ਕਰੋ ਅਤੇ ਆਏ ਸਾਧੂਆਂ/ਵਿਦਿਆਰਥੀਆਂ ਦੀ ਸੇਵਾ ਕਰੋ। ਪਹਿਲੇ ਕੁਟੀਆਂ ਦਾ ਨਾਮ 'ਸੰਤ ਨਿਵਾਸ' ਸੀ। ਇਸ ਨਾਮ ਨਾਲ ਮਿਲਦੇ ਕਨਖਲ- ਹਰਿਦਵਾਰ ਵਿਚ ਹੋਰ ਵੀ ਬਹੁਤ ਸਾਰੇ ਆਸ਼੍ਰਮ ਸਨ, ਇਸ ਭੁਲੇਖੇ ਨੂੰ ਦੂਰ ਕਰਨ ਵਾਸਤੇ ਸ੍ਰੀਮਾਨ ਮਹੰਤ ਸੰਤ ਸਿੰਘ ਜੀ ਨੇ ਇਹ ਵੀ ਫੁਰਮਾਇਆ, ‘ਕੁਟੀਆ ਦਾ ਨਾਮ ਆਪਣੇ ਨਾਮ ਤੇ ਰੱਖ ਕੇ ਪ੍ਰਸਿੱਧੀ ਦਿਉ ।' ਸ੍ਰੀਮਾਨ ਮਹੰਤ ਰਤਨ ਸਿੰਘ ਜੀ ਨੇ ਪੂਜ੍ਯ ਗੁਰੂਦੇਵ ਜੀ ਦੀ ਆਗਿਆ ਅਨੁਸਾਰ ਕੁਟੀਆਂ ਦੇ ਮਹੰਤ ਬਣਕੇ ਕੁਟੀਆਂ ਦਾ ਨਾਮ ਆਪਣੇ ਨਾਮ ਪਰ 'ਰਤਨ ਬਾਗ' ਰੱਖਿਆ।" ਆਪ ਜੀ ਵਿਚ ਸੇਵਾ ਦੀ ਅਕਹਿ ਲਗਨ ਸੀ। ਆਪ ਜੀ ਕੋਲ ਜਿਥੇ ਮਹਾਂਪੁਰਖ ਮਹਾਤਮਾ, ਸੰਤ, ਮਹੰਤ ਅਤੇ ਯਾਤ੍ਰੀ ਆ ਕੇ ਰਹਿਣ ਲੱਗੇ, ਬਹੁਤ ਸਾਰੇ ਵਿਦਿਆਰਥੀ ਵੀ ਪੱਕੇ ਤੌਰ ਤੇ ਰਤਨ ਬਾਗ ਵਿਚ ਰਹਿ ਕੇ ਵਿਦਿਆ ਅਧਿਐਨ ਕਰਨ ਲੱਗੇ। ਇਨ੍ਹਾਂ ਕਿਤਨੇ ਹੀ ਵਿਦਿਆਰਥੀਆਂ ਵਿਚੋਂ ਸ੍ਰੀਮਾਨ ਗਿਆਨੀ ਦੀਦਾਰ ਸਿੰਘ ਜੀ ਇਲਾਹਾਬਾਦ ਵਾਲੇ, ਸ੍ਰੀਮਾਨ ਮਹੰਤ ਲਾਲ ਸਿੰਘ ਜੀ ਭਗਤੇ ਵਾਲੇ, ਸ੍ਰੀਮਾਨ ਮਹੰਤ ਸਾਧੂ ਸਿੰਘ ਜੀ ਚੱਕ ਵੇਂਹਡਲ ਵਾਲੇ ਆਦਿਕ ਪ੍ਰਸਿੱਧ ਹਨ। ਰਤਨ ਬਾਗ ਵਿਚ ਆਮਦਨ ਦਾ ਕੋਈ ਸਾਧਨ ਨਹੀਂ ਸੀ ਪਰ ਮਹੰਤ ਰਤਨ ਸਿੰਘ ਜੀ ਫਿਰ ਵੀ ਆਏ ਮਹੰਤਾਂ, ਸੰਤਾਂ, ਯਾਤ੍ਰੀਆਂ, ਵਿਦਿਆਰਥੀਆਂ ਦਾ ਪ੍ਰਸੰਨ ਮੁਖ 'ਅਤਿਥੀ ਦੇਵੋ ਭਵ' ਕਹਿਕੇ ਸਵਾਗਤ ਕਰਦੇ ਸਨ। ਰੋਜ਼ਾਨਾ ਪੰਚਪੁਰੀ ਵਿਚੋਂ ਭਿਖਿਆ ਕਰਕੇ ਆਏ ਮਹਾਂਪੁਰਖਾਂ, ਸਾਧ ਸੰਗਤ ਅਤੇ ਵਿਦਿਆਰਥੀਆਂ ਲਈ ਭੋਜਨ ਦਾ ਪ੍ਰਬੰਧ ਕਰਕੇ ਲੰਗਰ ਚਲਾਉਂਦੇ ਸਨ । ਹੱਥੀਂ ਹੱਲ ਵਾਹ ਕੇ ਵੀ ਲੰਗਰ ਲਈ ਪ੍ਰਬੰਧ ਕਰਦੇ ਅਤੇ ਸਾਧੂਆਂ, ਵਿਦਿਆਰਥੀਆਂ ਨੂੰ ਅਨੁਭਵ ਨਹੀਂ ਹੋਣ ਦਿੰਦੇ ਸਨ। ਬਸ! ਪ੍ਰਸੰਨ ਮੁਖ ਸੇਵਾ ਵਿਚ ਤੱਤਪਰ ਰਹਿੰਦੇ ਸਨ। ਮਹੰਤ ਰਤਨ ਸਿੰਘ ਜੀ ਇਸ ਤਰ੍ਹਾਂ ਸਾਲਾਂ ਵਧੀ ਅਣਥੱਕ ਨਿਸ਼ਕਾਮ ਸੇਵਾ ਕਰਦੇ ਰਹੇ, ਜਿਨ੍ਹਾਂ ਦੇ ਪਰਿਮ ਨਾਲ ਵਿਦਿਆਰਥੀ ਪੜ੍ਹ ਕੇ, ਆਪਣਾ ਜੀਵਨ ਸਫਲ ਬਣਾ ਕੇ ਦੇਸ਼ ਅਤੇ ਸਾਧੂ ਸਮਾਜ ਦੀ ਸੇਵਾ ਕਰਦੇ ਰਹੇ ਜੋ ਮਹਾਨ ਵਿਦਵਾਨ ਬਣਕੇ ਪ੍ਰਸਿੱਧੀ ਵਾਲੇ ਬਣੇ। ਮਹੰਤ ਰਤਨ ਸਿੰਘ ਜੀ ਦੀ ਨਿਸ਼ਕਾਮ ਕੀਤੀ ਸੇਵਾ ਅੱਜ ਫਲੀਭੂਤ ਹੋ ਰਹੀ ਹੈ। ਹਰ ਤਰ੍ਹਾਂ ਸੰਪਤੀ-ਸੰਪੰਨ ਰਤਨ ਬਾਗ, ਕਨਖਲ ਹਰਿਦਵਾਰ ਵਿਚ ਮਹੰਤ ਰਤਨ ਸਿੰਘ ਜੀ ਦੀ ਕੀਰਤੀ ਨੂੰ ਪ੍ਰਗਟ ਕਰ ਰਿਹਾ ਹੈ। ਵਰਤਮਾਨ ਸਥਾਨਾਂਪਤੀ ਸ੍ਰੀਮਾਨ ਮਹੰਤ ਬਲਵੰਤ ਸਿੰਘ ਜੀ ਸੈਕਟਰੀ ਹਨ।
ਸ੍ਰੀਮਾਨ ੧੦੮ ਮਹੰਤ ਰਤਨ ਸਿੰਘ ਜੀ ਕੀਰਤਨ ਦੇ ਧਨੀ ਸਨ। ਸ੍ਰੀ ਮਾਨ ਮਹੰਤ ਰਤਨ ਸਿੰਘ ਜੀ ਵਿਚ ਇਹ ਵੀ ਇਕ ਵਿਸ਼ੇਸ਼ਤਾ ਸੀ ਕਿ ਕੁੰਭ ਪਰਵਾਂ ਦੀ ਸ਼ਾਹੀ ਵਿਚ ਇਕੋ ਵਾਰ ਇਕੱਠੇ ਦੋ ਰਣਸਿੰਘੇ ਵਜਾਉਣ ਦੀ ਸਮਰੱਥਾ ਰੱਖਦੇ ਸਨ । ਕਈ ਵਰਸ ਰਮਤ ਫੇਰੀ। ਆਪ ਜੀ ਦੇ ਸਮੇਂ ਕਨਖਲ ਵਾਲੀਆਂ ਕੁਟੀਆ ਦਾ ਨਾਮ 'ਰਤਨ ਬਾਗ' ਪ੍ਰਸਿੱਧ ਹੋਇਆ।
↓
ਮਹੰਤ ਬਲਵੰਤ ਸਿੰਘ ਜੀ ਸੈਕਟਰੀ
ਪਿਤਾ ਸ੍ਰ. ਚੰਨਣ ਸਿੰਘ ਜੀ 'ਸਿੱਧੂ', ਮਾਤਾ ਗੁਲਾਬ ਕੌਰ ਦੇ ਘਰ ਪਿੰਡ ਮਾਨ ਬੀਬੜੀਆਂ ਜਿਲ੍ਹਾ ਮਾਨਸਾ ਵਿਚ ਜਨਮ ਹੋਇਆ। ਧਾਰਮਿਕ ਵਿਚਾਰ ਹੋਣ ਕਰਕੇ ਬਚਪਨ ਵਿਚ ਹੀ ਮਹੰਤ ਰਤਨ ਸਿੰਘ ਜੀ ਦੇ ਸ਼ਿਸ਼ ਬਣ ਗਏ। ਵਿਦਿਆ ਪ੍ਰਾਪਤੀ ਦੀ ਆਪ ਜੀ ਨੂੰ ਅਕਹਿ ਲਗਨ ਸੀ। ਸੰਤ ਬਣਨ ਤੋਂ ਬਾਅਦ ਮੈਟ੍ਰਿਕ ਪਾਸ ਕੀਤੀ। ਮੇਰਠ ਯੂਨੀਵਰਸਿਟੀ ਤੋਂ ਬੀ. ਏ. ਦੀ ਡਿਗਰੀ ਪ੍ਰਾਪਤ ਕੀਤੀ। ਗਿਆਨੀ ਦੀਦਾਰ ਸਿੰਘ ਜੀ ਇਲਾਹਾਬਾਦ ਵਾਲਿਆਂ ਤੋਂ ਗੁਰਬਾਣੀ ਦਾ ਅਰਥ ਬੋਧ ਪ੍ਰਾਪਤ ਕੀਤਾ। ਗੁਰ ਇਤਿਹਾਸ ਅਰਥਾਂ ਸਾਹਿਤ ਪੜ੍ਹਿਆ । ਪ੍ਰਯਾਗ ਵਿਦਿਆ ਪੀਠ ਤੋਂ ਆਯੁਰਵੈਦਿਕ ਰਤਨ ਦੀ ਪਰੀਖਿਆ ਵਿਚ ਉਤੀਰਣ ਹੋਏ। ਇਥੇ ਹੀ ਸੰਸਕ੍ਰਿਤ ਪੜ੍ਹਦੇ ਰਹੇ। ਸੰਨ ੧੯੬੯ ਤੋਂ ੧੯੭੪ ਈ. ਤੱਕ ਦੇਸ਼ ਵਿਚ ਰਮਤ ਫੇਰ ਕੇ ਧਰਮ ਪ੍ਰਚਾਰ ਕੀਤਾ। ਸੰਨ ੧੯੮੧ ਤੋਂ ੧੯੯੦ ਈ. ਤੱਕ ਪਿੰਡ ਵਿਲੀ ਜਿਲ੍ਹਾ ਜਲੰਧਰ ਵਿਚ ਕਾਰ ਸੇਵਾ ਦੁਆਰਾ ਗੁਰਦਵਾਰਾ ਸਾਹਿਬ ਦੀ ਇਮਾਰਤ ਬਣਾਈ। ੧੦ ਜਨਵਰੀ ੧੯੯੦ ਈ. ਵਿਚ ਏਕੜ ਦੇ ਮੁਕਾਮੀ ਮਹੰਤ ਨਿਯਤ ਹੋਏ। ੯ ਦਸੰਬਰ ੧੯੯੭ ਈ. ਨੂੰ ਜੀਵਨ ਕੋਠੀ ਪਟਿਆਲਾ ਅਤੇ ਸੁਕਦੇਵ ਕੁਟੀ ਦੇ ਮਹੰਤ ਬਣਾਏ ਗਏ । ਸ੍ਰੀਮਾਨ ਮਹੰਤ ਰਤਨ ਸਿੰਘ ਜੀ ਤੋਂ ਬਾਅਦ ੧੩ ਮਾਰਚ ੧੯੯੯ ਈ. ਨੂੰ ਰਤਨ ਬਾਗ ਕਨਖਲ (ਹਰਿਦਵਾਰ) ਅਤੇ ਪਿੰਡ ਬਸੀਆਂ, ਜ਼ਿਲ੍ਹਾ ਲੁਧਿਆਣਾ ਦੇ ਮਹੰਤ ਨਿਯਤ ਹੋਏ।
੨੭ ਅਗਸਤ ੨੦੦੪ ਈ. ਨੂੰ ਪੰਚਾਇਤੀ ਅਖਾੜਾ ਨਿਰਮਲਾ ਕਨਖਲ/ਹਰਿਦਵਾਰ ਦੇ ਸੈਕਟਰੀ ਚੁਣੇ ਗਏ। ੨੫ ਨਵੰਬਰ ੨੦੧੦ ਨੂੰ ਅਖਿਲ ਭਾਰਤੀਯ ਅਖਾੜਾ ਪਰਿਸ਼ਦ ਦੇ ਪ੍ਰਧਾਨ ਚੁਣੇ ਗਏ। ਅਖਿਲ ਭਾਰਤੀਯ ਅਖਾੜਾ ਪਰਿਸ਼ਦ ਦਾ ਇਹ ਅਹੁਦਾ ਨਿਰਮਲ ਪੰਚਾਇਤੀ ਅਖਾੜੇ ਕੋਲ ਪਹਿਲੀ ਵਾਰ ਆਇਆ ਹੈ। ਅਖਿਲ ਭਾਰਤੀਯ ਅਖਾੜਾ ਪਰਿਸ਼ਦ ਨੇ ਹਰ ਤਰ੍ਹਾਂ ਨਾਲ ਸੋਚ ਵਿਚਾਰਕੇ ਵਿਵਹਾਰ-ਕੁਸ਼ਲ, ਨੀਤੀ-ਨਿਪੁੰਣ, ਵਿਦਵਾਨ ਖਟ ਦਰਸ਼ਨ, ਸਾਧੂ ਸਮਾਜ ਨੂੰ ਸਮ ਦ੍ਰਿਸ਼ਟੀ ਨਾਲ ਵੇਖਣ ਵਾਲੇ ਸਮਝ ਕੇ, ਸ੍ਰੀ ਮਾਨ ੧੦੮ ਮਹੰਤ ਬਲਵੰਤ ਸਿੰਘ ਜੀ ਸੈਕਟਰੀ ਨੂੰ ਅਖਾੜਾ ਪਰਿਸ਼ਦ ਦਾ ਪ੍ਰਧਾਨ ਚੁਣਿਆ ਹੈ। ਸ੍ਰੀਮਾਨ ਮਹੰਤ ਬਲਵੰਤ ਸਿੰਘ ਜੀ ਸੈਕਟਰੀ ਨੇ ਅਖਾੜਾ ਪਰਿਸ਼ਦ ਦੇ ਪ੍ਰਧਾਨ ਬਣਕੇ, ਸਰਬੱਤ ਅਖਾੜਿਆਂ ਅਤੇ ਖਟ ਦਰਸ਼ਨ ਸਾਧੂ ਸਮਾਜ ਦੀ ਯੋਗਤਾ ਨਾਲ ਅਗਵਾਈ ਕੀਤੀ ਹੈ । ਸਾਧੂ ਸਮਾਜ ਨੂੰ ਕੁੰਭ ਮੇਲਿਆਂ, ਅਨ੍ਯ ਸਮਾਗਮਾਂ ਅਤੇ ਕੰਮਾਂ ਬਾਰੇ ਸਮਦ੍ਰਿਸ਼ਟੀ ਨਾਲ ਪੂਰਨ ਸਹਿਯੋਗ ਦੇ ਰਹੇ ਹਨ। ਸਰਕਾਰੀ ਅਤੇ ਅਰਧ-ਸਰਕਾਰੀ ਅਧਿਕਾਰੀਆਂ ਨੂੰ ਮਿਲ ਕੇ ਜੋ-ਜੋ ਅਖਾੜਾ ਪਰਿਸ਼ਦ ਨੂੰ ਸਮੱਸਿਆ ਆਉਂਦੀ ਹੈ ਉਸ ਦਾ ਯੋਗਤਾ ਅਤੇ ਦ੍ਰਿੜ੍ਹਤਾ ਨਾਲ ਨਿਵਾਰਣ ਕਰਦੇ ਹਨ। ਅਖਾੜਾ ਪਰਿਸ਼ਦ ਸੈਕਟਰੀ ਜੀ ਦੀ ਅਗਵਾਈ ਤੋਂ ਹਰ ਤਰ੍ਹਾਂ ਨਾਲ ਪ੍ਰਸੰਨ ਹੈ। ਆਪ ਜੀ ਅਖਾੜੇ ਦੀ ਅਣਥੱਕ ਸੇਵਾ ਕਰ ਰਹੇ ਹਨ। ਸੰਗਤ ਲਾਹੌਰੀ ਟੋਲਾ ਵਾਰਾਣਸੀ ਆਪ ਜੀ ਦੇ ਪਰਿਸ਼ਮ ਨਾਲ ਅਖਾੜੇ ਦੇ ਪ੍ਰਬੰਧ ਵਿਚ ਆਇਆ ਹੈ। ਇਸ ਮਕਾਨ ਵਿਚ ਬਹੁਤ ਸਮਾਂ ਪਹਿਲਾਂ ਤੋਂ ਨਿਰਮਲ ਸੰਸਕ੍ਰਿਤ ਵਿਦਿਆਲਯ ਚੱਲ ਰਿਹਾ ਹੈ। ਆਪ ਜੀ ਇਸ ਪੁਰਾਤਨ ਇਮਾਰਤ ਦਾ ਸ਼੍ਰੀਘ ਹੀ ਜੀਰਨ ਉਧਾਰ ਕਰਨ ਦੇ ਯਤਨ ਵਿਚ ਹਨ। ਨਿਰਮਲ ਪੰਥ ਨੂੰ ਆਪ ਜੀ ਤੇ ਅਤਿਅੰਤ ਮਾਣ ਹੈ। ਆਪ ਸਰਬ ਗੁਣ ਸੰਪੰਨ, ਨਿਮ੍ਰਤਾ ਵਾਲੇ, ਉੱਚ ਜੀਵਨ ਵਾਲੇ, ਸਮ ਦ੍ਰਿਸ਼ਟੀ ਵਾਲੇ, ਭੇਖ ਹਿਤੈਸ਼ੀ ਮਹਾਂ ਪੁਰਖ ਹਨ।
ਸ੍ਰੀਮਾਨ ਮਹੰਤ ਬਲਵੰਤ ਸਿੰਘ ਜੀ ਸੈਕਟਰੀ ਨਿਰਮਲ ਭੇਖ ਦੇ ਪ੍ਰਚਾਰ ਦੀ ਵੀ ਅਥਾਹ ਲਗਨ ਰੱਖਦੇ ਹਨ। ਨਿਰਮਲ ਭੇਖ ਦੀ ਪੁਰਾਤਨ ਅਤੇ ਆਧੁਨਿਕ ਸਾਹਿਤਕ ਸੇਵਾ, ਸਿਮਰਨ, ਪਰ ਉਪਕਾਰ ਬਾਰੇ ਆਪ ਜੀ ਹਰ ਤਰ੍ਹਾਂ ਨਾਲ ਅਣਥੱਕ ਯਤਨ ਕਰ ਰਹੇ ਹਨ। ਸੰਪ੍ਰਦਾਈ ਪ੍ਰਚਾਰ ਵਾਸਤੇ ਮਾਇਆ ਨੂੰ ਪਾਣੀ ਦੀ ਤਰ੍ਹਾਂ ਵਹਾ ਰਹੇ ਹਨ। ਲੱਖਾਂ ਰੁਪਏ ਖਰਚ ਕੇ 'ਨਿਰਮਲ ਪੰਚਾਇਤੀ ਅਖਾੜਾ ਕਨਖਲ' (ਹਰਿਦਵਾਰ) ਵਿਚ ੬-੭ ਦਸੰਬਰ ੨੦੧੧ ਈ. ਨੂੰ ਦੇਸ ਦੇ ਵਿਦਵਾਨਾਂ ਨੂੰ ਨਿਮੰਤ੍ਰਤ ਕਰਕੇ ਨਿਰਮਲ ਭੇਖ ਦੀ ਸਾਹਿਤਕ ਸੇਵਾ ਬਾਰੇ ਸੈਮੀਨਾਰ ਕਰਾਇਆ ਜਿਸ ਨਾਲ ਨਿਰਮਲ ਭੇਖ ਦੀ ਤਿੰਨ ਸੌ ਵਰਸ ਦੀ ਸੇਵਾ ਬਾਰੇ ਪ੍ਰਸਿੱਧੀ ਵਿਚ ਅਕਹਿ ਵਾਧਾ ਹੋਇਆ।
ਇਸੀ ਤਰ੍ਹਾਂ ਆਪ ਜੀ ਨੇ ਸ੍ਰੀਮਾਨ ਪੰਡਿਤ ਤਾਰਾ ਸਿੰਘ ਜੀ 'ਨਰੋਤਮ’ ਦੇ ਲਿਖੇ ਅਦੁਭੁਤ ਅਦੁੱਤੀ ਗ੍ਰੰਥਾਂ ‘ਗੁਰੁਗਿਰਾਰਥ ਕੋਸ਼' ਨੂੰ ਸੰਨ ੨੦੧੨ ਈ. ਵਿਚ ਅਤੇ ‘ਭਗਤ ਬਾਣੀ ਸਟੀਕ' ਨੂੰ ੨੦੧੫ ਈ. ਵਿਚ ਪ੍ਰਕਾਸ਼ਤ ਕਰਾਇਆ। ਗਿਆਨੀ ਗਿਆਨ ਸਿੰਘ ਰਚਿਤ 'ਨਿਰਮਲ ਪੰਥ ਪ੍ਰਦੀਪਕਾ' ਨੂੰ ਵੀ ੨੦੧੬ ਈ. ਵਿਚ ਛਾਪਿਆ। ਇਨ੍ਹਾਂ ਤਿੰਨਾਂ ਗ੍ਰੰਥਾਂ ਤੇ ਕਈ ਲੱਖ ਰੁਪਏ ਖਰਚ ਹੋਏ। ਇਹ ਸੈਕਟਰੀ ਜੀ ਦੀ ਨਿਸਕਾਮ ਸੇਵਾ ਹੈ। ਇਸ ਤਰ੍ਹਾਂ ਇਸ ਵਿਲਕਸ਼ਣ ਸੇਵਾ ਵਾਸਤੇ ਆਪਣੇ ਕੋਲੋਂ ਮਾਇਆ ਨੂੰ ਖਰਚ ਕਰਨਾ ਸੈਕਟਰੀ ਜੀ ਦੇ ਮਹਾਨ ਤਿਆਗ ਦਾ ਸਬੂਤ ਹੈ। ਇਸ ਕਾਰਜ ਪਿਛੇ ਸੈਕਟਰੀ ਜੀ ਦੀ ਕੇਵਲ ਇਕੋ ਕਾਮਨਾ ਹੈ ਕਿ ਨਿਰਮਲ ਭੇਖ ਦੀ ਸੇਵਾ, ਨਿਰਮਲ ਵਿਦਵਾਨਾਂ ਦੀ ਵਿਦਵਤਾ, ਕਲਮੀ ਘਾਲਣਾ, ਖੋਜ ਤੋਂ ਸੰਸਾਰ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ ਅਤੇ ਨਿਰਮਲ ਭੇਖ ਦੀ ਮਹਾਨਤਾ ਤੋਂ ਸਰਬ ਸਾਧਾਰਣ ਨੂੰ ਜਾਣੂ ਕਰਵਾਇਆ ਜਾਵੇ।

Comments
Post a Comment